ਤੇ ਦਿਲ ਫਿਰ ਉਦਾਸ ਹੋ ਗਿਆ

ਕਹਾਣੀ ਸੰਗ੍ਰਹਿ : ਤੇ ਦਿਲ ਫਿਰ ਉਦਾਸ ਹੋ ਗਿਆ

ਬਾਰੇ ਮੇਰੀ ਸੋਚ, ਮੇਰੇ ਵਿਚਾਰ

ਬੀਤੇ ਦਿਨੀਂ ਸ਼ਬਦ ਅਦਬ ਪ੍ਰਕਾਸ਼ਨਾ ਵੱਲੋਂ ਪ੍ਰਕਸ਼ਿਤ 200 ਰੁਪਏ ਮੁੱਲ ਵਾਲੀ 110 ਸਫਿਆਂ ਦੀ ਸੋਹਣੀ ਦਿੱਖ ਵਾਲੀ ਜਸਵਿੰਦਰ ਸਿੰਘ ਛਿੰਦਾ ਦੀ ਕਿਤਾਬ “ਤੇ ਦਿਲ ਫਿਰ ਉਦਾਸ ਹੋ ਗਿਆ” ਮਿਲੀ। ਇਹ ਇੱਕ ਅਜਿਹੇ ਨਾਵਲਕਾਰ ਦਾ ਕਹਾਣੀ ਸੰਗ੍ਰਹਿ ਹੈ, ਜਿਹੜਾ ਕਿ ਇੱਕ ਸਫਲ ਪੱਤਰਕਾਰ, ਐਕਟਰ ਤੇ ਫ਼ਿਲਮਸਾਜ ਹੈ। ਆਪਣੇ ਗਰਭ ਵਿੱਚ 11 ਕਹਾਣੀਆਂ ਸਮਾਉਣ ਵਾਲੀ ਇਸ ਕਿਤਾਬ ‘ਚੋਂ ਜਿਵੇਂ ਜਿਵੇਂ ਕਹਾਣੀ ਨੂੰ ਪੜ੍ਹੀ ਜਾਉ ਤਿਵੇਂ ਤਿਵੇਂ ਦਿਲਚਸਪੀ ਹੋਰ ਵੱਧ ਜਾਂਦੀ ਹੈ। ਜਾਨਣ ਦੀ ਇੱਛਾ ਤੀਬਰ ਹੁੰਦੀ ਜਾਂਦੀ ਹੈ। ਹਰ ਕਹਾਣੀ ਵਿਚ ਲਗਾਤਾਰਤਾ ਹੈ। ਤੰਦ ਨਾਲ ਤੰਦ ਜੁੜਦੀ ਜਾਂਦੀ ਹੈ। ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਬੋਲੀ ਜਾਂਦੀ ਮਲਵਈ ਬੋਲੀ ਦੀ ਪੁੱਟ ਹਰ ਕਹਾਣੀ ਵਿਚ ਹੈ। ਆਮ ਬੋਲਚਾਲ ਦੀ ਭਾਸ਼ਾ ਵਰਤੀ ਗਈ ਹੈ। ਸਭ ਤੋਂ ਵੱਡੀ ਗੱਲ ਜਿਹੜੀ ਪੜ੍ਹਨ ਵਾਲੇ ਨੂੰ ਜ਼ਿਆਦਾ ਮੋਹਦੀ ਤੇ ਵਧੀਆ ਲੱਗਦੀ ਹੈ, ਉਹ ਆਲੇ-ਦੁਆਲੇ ਦੇ ਪਿੰਡ, ਲੋਕ ਅਤੇ ਉਨ੍ਹਾਂ ਦੇ ਨਾਮ, ਜਿਹਨਾਂ ਨੂੰ ਹਰ ਕਹਾਣੀ ਵਿੱਚ ਵਰਤਿਆ ਗਿਆ ਹੈ। ਕਿਉਂਕਿ ਅਸੀਂ ਇਹਨਾਂ ਸਭ ਤੋਂ ਜਾਣੂੰ ਹਾਂ ਤਾਂ ਸਾਡੀ ਦਿਲਚਸਪੀ ਪੜ੍ਹਨ ਵਿੱਚ ਜ਼ਿਆਦਾ ਬਣ ਜਾਂਦੀ ਹੈ।

ਜ਼ਿਆਦਾਤਰ ਕਹਾਣੀਕਾਰਾਂ ਵਾਂਗੂੰ ਜਸਵਿੰਦਰ ਸਿੰਘ ਛਿੰਦਾ ਦੀਆਂ ਇਨ੍ਹਾਂ ਕਹਾਣੀਆਂ ਵਿੱਚ ਕੋਈ ਖਿਲਾਰਾ ਨਹੀਂ ਹੈ। ਮਤਲਬ ਦੀ ਗੱਲ ਹੈ। ਤੇ ਉਹ ਝੱਟ ਹੀ ਕੁਝ ਕੁ ਸਫ਼ਿਆਂ ਦੇ ਵਿੱਚ ਹੀ ਕਹਾਣੀਕਾਰ ਸਾਰੀ ਗੱਲ ਸਮਝਾ ਦਿੰਦਾ ਹੈ। ਮਤਲਬ ਜਸਵਿੰਦਰ ਛਿੰਦਾ ਆਪਣੀਆਂ ਕਹਾਣੀਆਂ ਵਿਚ ਗਾਗਰ ਵਿੱਚ ਸਾਗਰ ਭਰਦਾ ਹੈ। ਇਹਨਾਂ ਕਹਾਣੀਆਂ ਵਿੱਚ ਚੋਖੀ ਮਾਤਰਾ ਵਿੱਚ ਪੰਜਾਬੀ ਮੁਹਾਵਰੇ ਤੇ ਅਖਾਣਾਂ ਵਰਤੀਆਂ ਗਈਆਂ ਹਨ, ਜਿਹੜੀਆਂ ਕਹਾਣੀਆਂ ਦਾ ਵਜ਼ਨ ਵੀ ਵਧਾਉਂਦੀਆਂ ਹਨ ਤੇ ਲੇਖਕ ਦੀ ਸਮਝ ਤੇ ਗਿਆਨ ਦਾ ਵੀ।

ਕਹਾਣੀ ਜੱਟ ਤੇ ਜਮੀਨ ਬਹੁਤ ਵੱਡੇ ਅਰਥ ਅਪਣੇ ਵਿੱਚ ਸਮੇਟੇ ਹੋਏ ਕਿਸਾਨ ਨੂੰ, ਲੋਕਾਂ ਨੂੰ, ਖਲਕਤ ਨੂੰ, ਜਿਹੜਾ ਸੁਨੇਹਾ ਦੇਣਾ ਚਾਹੁੰਦੀ ਹੈ, ਉਹ ਅੱਜ ਦੀ ਇਕ ਵੱਡੀ ਲੋੜ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਕਹਾਣੀ ਜਿਹੜਾ ਸੁਨੇਹਾ ਲੋਕਾਂ ਤੱਕ ਪਹੁੰਚਾਣ ਲਈ ਲਿਖੀ ਗਈ ਹੈ ਉਹ ਦੇਰ ਸਵੇਰ ਜ਼ਰੂਰ ਲੋਕਾਂ ਤੱਕ ਪਹੁੰਚੇਗਾ ਅਤੇ ਲੋਕ ਇਸ ਸਿੱਟੇ ਤੇ ਅਮਲ ਕਰਨਗੇ।

ਜੋ ਬ੍ਰਹਮੰਡੇ ਸੋਈ ਪਿੰਡੇ ਕਹਾਣੀ ਵਿੱਚ ਅੱਜ ਦੇ ਹਾਲਾਤਾਂ ਦੀ ਝਾਕੀ ਪੇਸ਼ ਕੀਤੀ ਗਈ ਹੈ। ਨੌਜਵਾਨਾਂ ਵਿੱਚ ਮਾੜੀਆਂ ਆਦਤਾਂ ਕਾਰਨ ਜਰਜ਼ਰ ਹੋਏ ਸ਼ਰੀਰ ਦੀ ਤੁਲਨਾ ਦੇਸ਼ ਦੀ ਜਰਜ਼ਰ ਹੋ ਰਹੀ ਹਾਲਾਤ ਨਾਲ ਕੀਤੀ ਗਈ ਹੈ। ਸ਼ਰੀਰ ਦੇ ‘ਕੱਲੇ ‘ਕੱਲੇ ਅੰਗ ਦੀ ਕਾਰਜ ਪ੍ਰਣਾਲੀ ਬਾਰੇ ਵੀ ਇਸ ਕਹਾਣੀ ਵਿਚੋਂ ਪਤਾ ਚਲਦਾ ਹੈ।

ਟਾਇਟਲ ਕਹਾਣੀ ਕੁਝ ਵੱਖਰੇ ਸੁਭਾਅ ਵਾਲੀ ਹੈ। ਇਸ਼ਕ ਦੀ ਇਹ ਕਹਾਣੀ ਵਿੱਚ ਸਿਰਫ ਲੇਖਕ ਦੀ ਹੀ ਨਹੀਂ ਸਗੋਂ ਮੋਬਾਈਲ ਦੇ ਜ਼ਮਾਨੇ ਤੋਂ ਪਹਿਲਾਂ ਕਾਫ਼ੀ ਨੌਜਵਾਨਾਂ ਦੀ ਹੁੰਦੀ ਸੀ। ਤੇ ਬਥੇਰਿਆਂ ਦਾ ਦਿਲ ਫਿਰ ਉਦਾਸ ਹੋ ਜਾਂਦਾ ਸੀ। ਇਹੀ ਹਾਲਾਤ ਹੁੰਦੇ ਸਨ।

ਕਹਾਣੀਆਂ ਨੂੰ ਪੜ੍ਹ ਕੇ ਇਹ ਨਹੀਂ ਲੱਗਦਾ ਕਿ ਇਹ ਜਸਵਿੰਦਰ ਸਿੰਘ ਦੀ ਕਹਾਣੀਆਂ ਦੀ ਪਹਿਲੀ ਕਿਤਾਬ ਹੈ। ਕਹਾਣੀਆਂ ਵਿੱਚ ਅਜਿਹੇ ਲੋਕ ਮਸਲੇ ਹਨ ਜਿਹੜੇ ਸਾਡੇ ਆਲੇ-ਦੁਆਲੇ ਆਮ ਹੀ ਵੇਖਣ ਨੂੰ ਮਿਲਦੇ ਹਨ। ਕਹਾਣੀਆਂ ਦੀਵਾਲੀ, ਬਾਬੁਲ ਦਾ ਵਿਹੜਾ ਅਤੇ ਵੀਰ ਚੱਕਰ ਖ਼ਤਮ ਹੁੰਦੇ ਹੁੰਦੇ ਅੱਖਾਂ ਵਿੱਚੋ ਹੰਝੂ ਕੇਰ ਦਿੰਦੀਆਂ ਹਨ। ਬਦ-ਦੁਆ ਕਹਾਣੀ ਦੁਖੀ ਮਨ ਦੀ ਬਦ-ਅਸੀਸ ਹੈ।

ਬਿਨ੍ਹਾ ਸ਼ੱਕ ਇਸ ਕਿਤਾਬ ਦੇ ਵਰਕੇ ਪੜ੍ਹਨ ਫੋਲਣ ਤੇ ਇਹ ਪਤਾ ਲਗਦਾ ਹੈ ਕਿ ਲੇਖਕ ਇੱਕ ਹੰਢਿਆ ਹੋਇਆ ਕਹਾਣੀਕਾਰ ਹੈ। ਕਹਾਣੀਆਂ ਅਸਲੀਅਤ ਵਿੱਚ ਵਾਪਰੇ ਦੁਖਾਂਤ ਹੀ ਜਾਪਦੇ ਹਨ ।

ਮੈਂ ਇਸ ਕਹਾਣੀ ਸੰਗ੍ਰਹਿ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ।

ਸੰਜੀਵ ਝਾਂਜੀ, ਜਗਰਾਉਂ।

08004910000