ਪਿਛੋਂ ਵਰ੍ਹੇ ਦੀ ਉਡੀਕ ਆਇਆ ਚਾਵਾਂ ਵਾਲਾ ਦਿਨ, ਭੈਣ ਨੂੰ ਤੂੰ ਦੇਵੀਂ ਨਾ ਭੁਲਾ ਵੀਰਿਆ… ਰੀਝਾਂ ਨਾਲ ਬੰਨਾ ਤੇਰੇ ਗੁੱਟ ਉੱਤੇ ਰੱਖੜੀ ਮੈਂ, ਹਾੜਾ ਕਦੇ ਦੇਵੀਂ ਨਾ ਰੁਲਾ ਵੀਰਿਆ…

ਤਾਂ ਉੱਤੇ ਮਹਿੰਦੀਆਂ ਦਾ ਵੀਹਣੀ ਵਿੱਚ ਚੂੜੀਆਂ ਦਾ, ਕੁੜੀਆਂ ਨੂੰ ਹੁੰਦਾ ਬੜਾ ਚਾਅ ਵੇ…. ਕਦੇ ਕਦੇ ਮੰਗ ਲਵਾਂ ਸੂਟ ਸੂਹੇ ਰੰਗ ਦਾ , ਐਂਵੇ ਮੱਥੇ ਤੀੜੀਆਂ ਨਾ ਪਾ ਵੇ… ਜਾਗਦੇ ਨੇ ਨਿੱਕੇ ਨਿੱਕੇ ਨੈਣੀਂ ਕਿੰਨੇ ਸੁਫ਼ਨੇ ਵੇ, ਦਬਕ ਕੇ ਦੇਵੀਂ ਨਾ ਸੁਲਾ ਵੀਰਿਆ… ਰੀਝਾਂ ਨਾਲ ਬੰਨਾ ਤੇਰੇ ਗੁੱਟ ਉੱਤੇ ਰੱਖੜੀ ਮੈਂ ਹਾੜਾ ਕਦੇ ਦੇਵੀਂ ਨਾ ਰੁਲਾ ਵੀਰਿਆ….

ਅਸਾਂ ਪਰਦੇਸਨਾਂ ਨੇ ਕਿਹੜਾ ਤੇਰੇ ਵਿਹੜੇ ਵਿਚ, ਉਮਰਾਂ ਨੇ ਵੀਰਿਆ ਹੰਡਾਉਣੀਆਂ… ਖੇਡ ਦਾ ਰਹੀਂ ਵੇ ਮੇਰੀ ਗੁੱਡੀਆਂ ਨਾ ਰੱਜ ਰੰਜ, ਅਸਾਂ ਕਿਹੜਾ ਡੋਲੀ ਵਿੱਚ ਪਾਉਣੀਆਂ…. ਲੜ ਪਵਾਂ ਕਦੇ ਮੈਂ ਜੌਂ ਨਿੱਕੀ ਨਿੱਕੀ ਗੱਲ ਤੇ ਤਾਂ, ਬੋਲ ਕੌੜੇ ਦੇਵੀਂ ਨਾ ਸੁਣਾ ਵੀਰਿਆ… ਰੀਝਾਂ ਨਾਲ ਬੰਨਾ ਤੇਰੇ ਗੁੱਟ ਉੱਤੇ ਰੱਖੜੀ ਮੈਂ,

ਹਾੜਾ ਕਦੇ ਦੇਵੀਂ ਨਾ ਰੁਲਾ ਵੀਰਿਆ….

ਸਾਂਭ ਸਾਂਭ ਰੱਖਿਆ ਏ ਸਿਰ ਉੱਤੇ ਵੀਰਾ ਵੇ ਮੈਂ

ਘਰ ਦੀਆਂ ਇੱਜਤਾਂ ਦਾ ਤਾਜ ਵੇ,

ਪੜ੍ਹ ਪੜ੍ਹ ਜਿਹਨੂੰ ਵੇ ਮੈਂ ਦੁਨੀਆਂ ਨੂੰ ਜਿੱਤ ਲਵਾਂ,

ਜੋੜਦੀ ਕਿਤਾਬਾਂ ਵਾਲਾ ਦਾਜ ਵੇ….

ਬਾਪੂ ਜੀ ਦੀ ਲਾਡਲੀ ਤੇ ਤੇਰੀ ਲਾਡੋ ਭੈਣ ਉੱਤੇ… ਮਾਣ ਬੜਾ ਕਰਦੀ ਏ ਮਾਂ ਵੀਰਿਆ… ਰੀਝਾਂ ਨਾਲ ਬੰਨਾ ਤੇਰੇ ਗੁੱਟ ਉੱਤੇ ਰੱਖੜੀ ਮੈਂ, ਹਾੜਾ ਕਦੇ ਦੇਵੀਂ ਨਾ ਰੁਲਾ ਵੀਰਿਆ….

ਮਜ਼ਦੂਰਾ ਤੇਰੀਆਂ ਧੀਆਂ

ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……

ਪਿੰਡ ਤੇਰੇ ਦੇ ਬੋਹੜ ਸੁੰਨੇ,
ਰੁੱਖਾਂ ਤੇ ਪੀਂਘਾ ਪਾਈਆਂ ਨਾ,
ਚਾਵਾਂ ਨਾਲ ਅੰਬਰਾਂ ਨੂੰ ਚੁੰਮੇ
ਰੀਝ ਪੁਗਾਵਣ ਆਈਆਂ ਨਾ
ਮੀਂਹ ਬਰਸਾਵਣ ਲਈ ਕਾਸਤੋਂ
ਅਰਜ਼ੀਆਂ ਰਬ ਨੂੰ ਪਾਇਆ ਨਾ,
ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……

ਕੱਚੀ ਘਰ ਦੀ ਛੱਤ ਸੀ ਤੇਰੀ,
ਤਾਂਹੀ ਤਾਂ ਪੜ੍ਹ ਪਾਈਆਂ ਨਾ
ਰੀਤਾਂ ਨਾਲ ਤਾਂ ਖਹਿ ਸਕੀਆਂ,
ਕਿਸਮਤ ਵੀ ਕੌਸਣ ਆਈਆਂ ਨਾ…
ਕੇਸੀਂ ਗੁੰਦ ਪਰਾਂਦੇ ਸੋਹਣੇ,
ਮਹਿੰਦੀਆਂ ਕਾਹਤੋਂ ਲਾਈਆਂ ਨਾ….
ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……

ਹੰਝੂ ਖਾਰੇ ਨੈਣੀਂ ਝਲਕਨ
ਲੁਕੋ ਚੰਦਰੀਆਂ ਪਾਇਆ ਨਾ
ਰੀਝਾਂ ਵਾਲੇ ਧਾਗੇ ਦੇ ਵਿਚ
ਪੀੜ ਪਰੋ ਲੈ ਆਈਆ ਵਾ
ਰੂਹ ਤੇ ਲੱਗੇ ਜ਼ਖ਼ਮ ਵੀ ਆਪੇ,
ਨਾਲ ਸਬਰ ਧੋ ਪਾਈਆਂ ਨਾ
ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……