ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸ

ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸ
ਇਹ ਖਲਕਤ ਅਥਾਹ ਹੈ। ਜਿੱਥੋਂ ਤੱਕ ਨਜ਼ਰ ਮਾਰੀਏ, ਜਿੱਥੋਂ ਤੱਕ ਸੋਚੀਏ, ਤੇ ਉਸ ਤੋਂ ਵੀ ਪਰ੍ਹੇ ਤੱਕ ਪੁਲਾੜ ਹੀ ਪੁਲਾੜ ਹੈ। ਅਰਬਾਂ-ਖਰਬਾਂ ਸੂਰਜ ਅਤੇ ਅਰਬਾਂ-ਖਰਬਾਂ ਹੀ ਗਲੈਕਸੀਆਂ ਹਨ। ਇਸ ਪੁਲਾੜ ਨੂੰ ਜਾਣਨ ਦੀ ਅਸੀਂ ਜਿੰਨੀ ਵੀ ਕੋਸ਼ਿਸ਼ ਕਰਦੇ ਹਾਂ, ਜਿੰਨੀਆਂ ਵੀ ਖੋਜਾਂ ਕਰਦੇ ਹਾਂ, ਇਸ ਵਿਚਲੇ ਗੁਝੇ ਰਹਸ ਉਨ੍ਹੇ ਹੀ ਹੋਰ ਗਹਿਰਾਂਦੇ ਜਾਂਦੇ ਹਨ। ਸਾਡੀ ਧਰਤੀ ਤੇ ਇਸ ਵਰਗੇ ਸੱਤ ਹੋਰ ਗ੍ਰਹਿ ਮਿਲ ਕੇ ਸੂਰਜ ਦੁਆਲੇ ਚੱਕਰ ਕੱਢਦੇ ਹਨ। ਸਾਡਾ ਸੂਰਜ, ਇਹ ਅੱਠ ਗ੍ਰਹਿ, ਉਨ੍ਹਾਂ ਦੇ ਉਪਗ੍ਰਹਿ, ਪੰਜ ਕੁ ਬੌਣੇ ਗ੍ਰਹਿ ਅਤੇ ਹੋਰ ਕੁਝ ਕ ਪੁਲਾੜੀ ਪਿੰਡ, ਇਹ ਸਾਰੇ ਰਲ਼ਮਿਲ ਕੇ ਸਾਡਾ ਸੂਰਜੀ ਪਰਿਵਾਰ ਬਣਾਉਦੇ ਹਨ।  ਅਜਿਹੇ ਅਰਬਾਂ-ਖਰਬਾਂ ਹੋਰ ਸੂਰਜੀ ਟੱਬਰ ਇਸ ਪੁਲਾੜ ’ਚ ਹਨ। ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣ।
ਖੋਜਾਂ ਲਗਾਤਾਰ ਜ਼ਾਰੀ ਹਨ। ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਦੂਰ ਪੁਲਾੜ ਵਿੱਚ ਇੱਕ ਹੋਰ ਵੱਡੀ ਖੋਜ ਕੀਤੀ ਹੈ। ਇਹ ਖੋਜ ਦੇ ਜੇਮਸ ਵੈਬ ਸਪੇਸ ਟੈਲੀਸਕੋਪ ਰਾਹੀਂ ਕੀਤੀ ਗਈ ਹੈ। ਇਸ ਖੋਜ ਮੁਤਾਬਿਕ ਇਕ ਅਜਿਹੇ ਗ੍ਰਹਿ ਦੀ ਖੋਜ ਕੀਤੀ ਗਈ ਹੈ, ਜੋ ਸਿਰਫ਼ ਸਾਡੀ ਧਰਤੀ, ਸ਼ੁੱਕਰ, ਮੰਗਲ ਆਦਿ ਵਾਂਙ ਸਿਰਫ਼ ਆਪਣੇ ਸੂਰਜ (ਤਾਰੇ)  ਦੁਆਲੇ ਹੀ ਚੱਕਰ ਨਹੀਂ ਕੱਢਦਾ, ਸਗੋਂ ਇੱਕ ਹੋਰ ਸੂਰਜ (ਤਾਰੇ) ਦੇ ਦੁਆਲੇ ਵੀ ਗੇੜੀ-ਸ਼ੇੜੀ ਲਗਾਉਦਾ ਹੈ। ਭਾਵ ਦੋ ਸੂਰਜਾਂ ਦੁਆਲੇ ਘੁੰਮਦਾ ਹੈ। ਇਸ ਨੂੰ ਦੋਨਾਂ ਸੂਰਜਾਂ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ 10,000 ਸਾਲ ਲੱਗ ਜਾਂਦੇ ਹਨ। ਟੈਲੀਸਕੋਪ ਦੁਆਰਾ ਖੋਜਿਆ ਗਿਆ ਇਹ ਐਕਸੋਪਲੈਨੇਟ ਇੱਕ ਵਿਸਾਲ ਲਾਲ ਗ੍ਰਹਿ ਹੈ। ਜੋ ਗ੍ਰਹਿ ਸੂਰਜੀ ਟੱਬਰ ਵਾਲੇ ਸੂਰਜ ਤੋਂ ਇਲਾਵਾ ਕਿਸੇ ਹੋਰ ਸੂਰਜ (ਤਾਰੇ) ਦੇ ਦੁਆਲੇ ਘੁੰਮਦੇ ਹਨ, ਉਨ੍ਹਾਂ ਨੂੰ ਐਕਸੋਪਲੇਨੇਟਸ ਕਿਹਾ ਜਾਂਦਾ ਹੈ।
ਇਹ ਨਵਾਂ ਲੱਭਿਆ ਗ੍ਰਹਿ ਸਾਡੀ ਧਰਤੀ ਤੋਂ 40 ਪ੍ਰਕਾਸ਼ ਸਾਲ ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ। ਸਾਡੇ ਸੂਰਜ ਮੰਡਲ ਵਿੱਚ ਸਭ ਤੋਂ ਦੂਰ ਵਾਲੀ ਵਸਤੂ (ਬੌਣਾ ਗ੍ਰਹਿ) ਪਲੂਟੋ ਹੈ, ਜੋ ਸੂਰਜ ਤੋਂ 5.9 ਬਿਲੀਅਨ ਕਿਲੋਮੀਟਰ ਭਾਵ 39 ਐਸਟ੍ਰੋਨੀਕਲ ਯੂਨਿਟ ਦੂਰ ਹੈ।  ਇੱਕ ਬਿਲੀਅਨ ਇੱਕ ਅਰਬ ਨੂੰ ਆਖਦੇ ਹਨ। ਪਰ ਇਹ ਗ੍ਰਹਿ ਆਵਦੇ ਸੂਰਜ (ਤਾਰੇ) ਤੋਂ ਲਗਭਗ 23.5 ਬਿਲੀਅਨ ਕਿਲੋਮੀਟਰ ਭਾਵ 156 ਐਸਟ੍ਰੋਨੀਕਲ ਯੂਨਿਟ ਦੂਰ ਹੈ। ਵਿਗਿਆਨੀਆਂ ਨੇ ਇਸ ਦਾ ਨਾਂਅ ਵੀ.ਐਚ.ਐਸ 1256 ਬੀ ਰੱਖਿਆ ਹੈ। ਜੇਮਜ ਵੈਬ ਦੂਰਬੀਨ ’ਚ ਪਹੁੰਚਣ ਵਾਲੀ ਇਸ ਗ੍ਰਹਿ ਦੀ ਲਾਈਟ ਦੋਹਾਂ ਸੂਰਜਾਂ (ਤਾਰੇ) ਦੇ ਪ੍ਰਕਾਸ਼ ਨਾਲੋਂ ਬਿਲਕੁਲ ਵੱਖਰੀ ਹੈ, ਜਿਨ੍ਹਾਂ ਦੁਆਲੇ ਇਹ ਘੁੰਮ ਰਿਹਾ ਹੈ। ਇਸੇ ਅਧਾਰ ਤੇ ਇਸ ਦੀ ਪਛਾਣ ਹੋਈ ਹੈ। ਦ ਐਸਟ੍ਰੋਫਿਜੀਕਲ ਜਰਨਲ ਲੈਟਰਸ ਵਿੱਚ ਪ੍ਰਕਾਸ਼ਿਤ ਇਸ ਬਾਰੇ ਖੋਜ ’ਚ ਇਹ ਅੰਦਾਜਾ ਲਗਾਇਆ ਗਿਆ ਹੈ ਕਿ ਇਹ ਗ੍ਰਹਿ ਸਿਰਫ 15 ਕਰੋੜ ਸਾਲ ਪੁਰਾਣਾ ਹੈ ਅਤੇ ‘ਜਵਾਨ’ ਹੈ। ਸਾਇਦ ਇਹੀ ਕਾਰਨ ਹੈ ਕਿ ਇੱਥੋਂ ਦਾ ਮਾਹੌਲ ਵੀ ਗੰਧਲਾ ਅਤੇ ਤਬਦੀਲੀਯੋਗ ਵਾਤਾਵਰਨ ਵਾਲਾ ਹੈ।
ਸਪੇਸ ਟੈਲੀਸਕੋਪ ਤੋਂ ਡਾਟਾ ਇਕੱਠਾ ਕਰਕੇ ਉਸ ਦੀ ਪੜਚੋਲ ਕਰਨ ਵਾਲੀ ਟੀਮ ਨੇ ਪੁਣਛਾਣ ਕਰਕੇ ਇਹ ਲੱਭਿਆ ਕਿ ਇਸ ਗ੍ਰਹਿ ’ਤੇ ਸਿਲੀਕੇਟ ਦੇ ਬੱਦਲ ਹਨ। ਸਿਲੀਕੇਟ ਮਤਲਬ ਰੇਤ ਦੇ। ਇਹ ਬੱਦਲ ਜਦੋਂ ਇੱਕ ਦੂਜੇ ਨਾਲ ਮਿਲਦੇ (ਮਿਕਸ ਹੁੰਦੇ) ਹਨ ਤਾਂ ਇਸ ਦਾ ਤਾਪਮਾਨ 830 ਡਿਗਰੀ ਸੈਲਸੀਅਸ ਤੱਕ ਹੋ ਜਾਂਦਾ ਹੈ। ਇਸ ਦੌਰਾਨ ਵਾਯੂਮੰਡਲ ਲਗਾਤਾਰ ਵਧਦਾ-ਫੈਲਦਾ ਹੈ। ਗਰਮ ਹੋਏੇ ਸਿਲੀਕੇਟ ਦੇ ਛੋਟੇ ਛੋਟੇ ਕਣ ਉਪਰ ਨੂੰ ਆਉਂਦੇ ਹਨ ਅਤੇ ਠੰਡੇ ਕਣ ਹੇਠਾਂ ਵੱਲ ਧੱਕੇ ਜਾਂਦੇ ਹਨ। ਇਹ ਅੱਜ ਤੱਕ ਲੱਭੀ ਗਈ ਤਬਦੀਲੀ ਯੋਗ ਗ੍ਰਹਿ ਪੁੰਜ ਵਾਲੀ ਵਸਤੂ ਹੈ। ਤਇਹ ਸਾਡੀ ਧਰਤੀ ਤੋਂ ਬਿਲਕੁਲ ਵੱਖਰਾ ਹੈ ਕਿਉਂਕਿ ਧਰਤੀ ਦੇ ਵਾਯੂਮੰਡਲ ਵਿਚ ਪਾਣੀ ਦੇ ਵਾਸ਼ਪ ਹਨ ਅਤੇ ਉਨ੍ਹਾਂ ਤੋਂ ਹੀ ਬੱਦਲ ਬਣਦੇ ਹਨ। ਇਸ ਗ੍ਰਹਿ ’ਤੇ ਦਿਨ 24 ਘੰਟਿਆਂ ਦਾ ਨਹੀਂ ਸਗੋਂ 22 ਘੰਟਿਆਂ ਦਾ ਹੈ।
ਇਸ ਗ੍ਰਹਿ ਦੀ ਖੋਜ ਨਾਲ ਪੁਲਾੜ ’ਚ ਹੋਰ ਖੋਜਾਂ ਦਾ ਰਸਤਾ ਸਾਫ ਹੋਵੇਗਾ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਆਂ ਖੋਜਾਂ ਮਨੁੱਖਤਾ ਦੇ ਵਿਕਾਸ ਲਈ ਲਾਹੇਵੰਦ ਸਾਬਤ ਹੋਣਗੀਆਂ। ਦੁਨੀਆਂ ਦੀ ਹੋਂਦ ਦਾ ਪਤਾ ਚਲੇਗਾ। ਨਵੀਆਂ ਜਾਣਕਾਰੀਆਂ ਹਾਸਲ ਹੋਣਗੀਆਂ। ਸਾਡੇ ਸੂਰਜ ਮੰਡਲ ਦੇ ਗ੍ਰਹਿ ਦੇ ਵਾਤਾਵਰਣ ਤੋਂ ਵੱਖਰੀ ਕਿਸਮ ਦਾ ਵਾਤਾਵਰਣ ਹੋਣ ਕਰਕੇ ਸਾਨੂੰ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
-ਸੰਜੀਵ ਝਾਂਜੀ, ਜਗਰਾਉ।
ਸੰਪਰਕ: 0 80049 10000 
  
  

ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ

ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸੰਜੀਵ ਝਾਂਜੀ ਜਗਰਾਉਂ

ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸਾਇੰਸ ਇੱਕ ਅਜਿਹਾ ਵਿਸਾ ਹੈ, ਜਿਹੜਾ ਬੇਹੱਦ ਵਿਸ਼ਾਲ ਹੈ। ਇਸ ਬਾਰੇ ਜਾਣਨ ਦੀ ਸਭ ਦੀ ਹਮੇਸ਼ਾ ਤੋਂ ਹੀ ਇੱਛਾ ਰਹੀ ਹੈ। ਇਸ ਵਿੱਚ ਚੰਨ, ਤਾਰੇ, ਗ੍ਰਹਿ ਆਦਿ ਜਿਨ੍ਹਾਂ ਨੂੰ ਸਮੁੱਚੇ ਤੋਰ ’ਤੇ ਅਸੀਂ ਪੁਲਾੜ ਆਖਦੇ ਹਾਂ, ਉਸ ਨੂੰ ਅਤੇ ਉਸ ਬਾਰੇ ਜਾਣਨ ਦੀ ਤਾਂਘ ਹਮੇਸ਼ਾ ਤੋਂ ਹੀ ਰਹੀ ਹੈ। ਪੁਲਾੜ ਵਿੱਚ ਕੀ-ਕੀ ਹੈ, ਕਿੱਥੇ-ਕਿੱਥੇ ਹੈ, ਇਹ ਸਦਾ ਸਾਨੂੰ ਉੱਤਰ ਲੱਭਣ ਲਈ ਉਕਸਾਉਦਾ ਰਹਿੰਦਾ ਹੈ। ਸ਼ਾਇਦ ਇਸੇ ਲਈ ਅਸੀਂ ਏਲੀਅੰਜ਼ ਦਾ ਖੁਰਾਖੋਜ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਸੀਂ ਹਮੇਸਾ ਤੋਂ ਹੀ ਧਰਤੀ ਤੋਂ ਬਾਹਰੀ ਦੁਨੀਆਂ ਦੀਆਂ ਖ਼ਬਰਾਂ ਤੋਂ ਮੋਹਿਤ ਹੁੰਦੇ ਰਹਿੰਦੇ ਹਾਂ।
ਜਦੋਂ ਸਾਇੰਸ ਦੀ ਪੜ੍ਹਾਈ ਸ਼ੁਰੂ ਕੀਤੀ, ਉਸ ਵੇਲੇ ਅਧਿਆਪਕਾਂ ਵਲੋਂ ਸਮਝਾਇਆ ਜਾਂਦਾ ਸੀ ਕਿ ਸਾਡੇ ਸੂਰਜੀ ਪਰਿਵਾਰ ਵਿੱਚ ਸੂਰਜ ਅਤੇ ਨੌਂ ਗ੍ਰਹਿ ਹਨ। ਫਿਰ ਕਹਿੰਦੇ ਪਲੂਟੋ ਵਿਚਾਰਾ ਗ੍ਰਹਿ ਨਹੀਂ ਰਿਹਾ, ਉਹ ਬੌਣੇ ਗ੍ਰਹਿ ਦੀ ਵਿਗਿਆਨੀਆਂ ਵਲੋਂ ਘੜੀ ਪਰਿਭਾਸ਼ਾ ਵਿੱਚ ਹੀ ਸਹੀ ਬੈਠਦਾ ਹੈ। ਇਸ ਤਰ੍ਹਾਂ ਸੂਰਜ ਦੇ ਗ੍ਰਹਿ ਅੱਠ ਹੀ ਰਹਿ ਗਏ।
ਇਹ ਗ੍ਰਹਿ ਅੱਠ ਹੀ ਹਨ ਜਾਂ ਹੋਰ ਵੀ ਹਨ? ਸੂਰਜੀ ਪਰਿਵਾਰ ਇੱਕ ਹੀ ਹੈ ਜਾਂ ਹੋਰ ਵੀ ਹਨ? ਧਰਤੀ ਇੱਕੋ ਹੀ ਹੈ, ਜਿੱਥੇ ਜੱਗ ਜਿਓਂਦਿਆਂ ਦੇ ਮੇਲੇ ਲੱਗਦੇ ਹਨ ਜਾਂ ਹੋਰ ਧਰਤੀਆਂ ਵੀ ਹਨ ਜਿੱਥੇ ਇਨਸਾਨ ਜਾਂ ਇਨਸਾਨਾਂ ਵਰਗੇ ਤਿਕੜਮਾਂ ਲੜਾਉਦੇ ਹਨ? ਇਹੋ ਜਿਹੇ ਕਈ ਸਵਾਲ ਮੇਰੇ ਜ਼ਹਿਨ ਵਿੱਚ ਮੁੱਦਤਾਂ ਤੋਂ ਅਵਾਰਾਗਰਦੀ ਕਰਦੇ ਰਹੇ ਹਨ। ਤੁਹਾਡੇ ਦਿਮਾਗ ’ਚ ਵੀ ਇਹ ਚੱਕਰ ਲਗਾਉਦੇ ਰਹਿੰਦੇ ਹੋਣਗੇ?
ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਚੰਦਰਮਾਂ ਦੀ ਧਰਤੀ ਤੇ ਪੈਰ ਤਾਂ ਮਨੁੱਖ ਚਿਰਾਂ ਪਹਿਲਾਂ ਤੋਂ ਹੀ ਰੱਖ ਆਇਆ ਹੈ। ਕਈ ਬਣਾਉਟੀ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਛੱਡਣਾ, ਮੰਗਲ ਅਭਿਆਨ ਉਸ ਲੜੀ ਦੇ ਹੀ ਹਿੱਸੇ ਹਨ, ਜਿਸ ਰਾਹੀਂ ਪੁਲਾੜ ਵਿੱਚ ਮਨੁੱਖੀ ਏਲੀਅਜ਼ ਦੀ ਭਾਲ ਜ਼ਾਰੀ ਹੈ। ਦੁਨੀਆਂ ਵਿੱਚ ਹਰ ਰੋਜ ਨਵੀਆਂ ਖੋਜਾਂ ਹੋ ਰਹੀਆਂ ਹਨ। ਜੀਵਨ ਦੀ ਖੋਜ ਕਰ ਰਹੇ ਵਿਗਿਆਨੀਆਂ ਨੂੰ ਹੁਣ ਵੱਡੀ ਸਫਲਤਾ ਮਿਲੀ ਹੈ। ਵਿਗਿਆਨੀਆਂ ਨੇ ਇੱਕ ਅਜਿਹਾ ਗ੍ਰਹਿ ਲੱਭਿਆ ਹੈ, ਜੋ ਸਾਡੇ ਅੱਠ ਗ੍ਰਹਿਆਂ ਤੋਂ ਪਰ੍ਹੇ ਹੈ, ਸੂਰਜੀ ਟੱਬਰ ਦਾ ਹਿੱਸਾ ਨਹੀਂ ਹੈ। ਸਾਇੰਸਦਾਨ ਇਸ ਨੂੰ ਬਾਰਹੀ ਗ੍ਰਹਿ (ਐਕਸੋਪਲੇਨੇਟ) ਆਖਦੇ ਹਨ। ਇਹ ਧਰਤੀ, ਮੰਗਲ, ਸ਼ੁੱਕਰ ਵਾਂਙ ਸਾਡੇ ਸੂਰਜ ਦੁਆਲੇ ਨਹੀਂ ਘੁਕਦਾ। ਇਸਦਾ ਆਪਣਾ ਸੂਰਜ ਹੈ, ਜਿਸ ਦੀ ਇਹ ਪਰਿਕਰਮਾ ਕਰਦਾ ਹੈ। ਖਗੋਲ ਵਿਗਿਆਨੀਆਂ ਨੇ ਇਸ ਦੇ ਸੂਰਜ ਦਾ ਨਾਂਅ ਲਾਲ ਬੌਨਾ ਤਾਰਾ ਵੋਲਫ਼ 1069 ਰੱਖਿਆ ਹੈ। ਇਹ ਤਾਰਾ (ਸੂਰਜ) ਸਾਡੇ ਸੂਰਜ ਨਾਲੋਂ ਆਕਾਰ ਵਿੱਚ ਛੋਟਾ ਹੈ ਅਤੇ ਸੂਰਜ ਨਾਲੋਂ ਲਗਭਗ 65 ਪ੍ਰਤੀਸਤ ਘੱਟ ਰੇਡੀਏਸਨ ਪੈਦਾ ਕਰਦਾ ਹੈ।
ਇਸ ਗ੍ਰਹਿ ਦਾ ਨਾਂਅ ਵੋਲਫ਼ 1069 ਬੀ ਐਲਾਣਿਆ ਗਿਆ ਹੈ। ਸਪੇਨ ਦੇ ਕੈਲਰ ਆਲਟੋ ਆਬਜਰਵੇਟਰੀ ’ਤੋਂ 3.5 ਮੀਟਰ ਕਾਰਮੇਨਸ ਟੈਲੀਸਕੋਪ ਦੀ ਮਦਦ ਨਾਲ ਇਸ ਗ੍ਰਹਿ ਦੀ ਖੋਜ ਕੀਤੀ ਗਈ ਹੈ। ਦੁਨੀਆ ਭਰ ਦੇ 50 ਖਗੋਲ ਵਿਗਿਆਨੀਆਂ ਦੇ ਇੱਕ ਸਮੂਹ ਨੇ ਇਸ ਬਾਹਰੀ ਗ੍ਰਹਿ ਦੀ ਹੋਂਦ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਖਗੋਲ ਵਿਗਿਆਨੀਆਂ ਨੇ 5200 ਗ੍ਰਹਿਆਂ ਦੀ ਖੋਜ ਕੀਤੀ ਹੈ, ਜਿਨ੍ਹਾਂ ’ਚੋਂ 200 ਤੋਂ ਘੱਟ ਚੱਟਾਨਾਂ ਅਤੇ ਪਹਾੜਾਂ ਵਾਲੇ ਹਨ। ਵਿਗਿਆਨੀਆਂ ਨੇ ਕਿਹਾ ਹੈ ਕਿ ਇਨ੍ਹਾਂ 200 ਐਕਸੋਪਲੈਨੇਟਸ ’ਚੋਂ ਸਿਰਫ਼ ਇੱਕ ਦਰਜਨ ਗ੍ਰਹਿਆਂ ’ਚ ਪਾਣੀ ਹੋਣ ਦੀ ਸੰਭਾਵਨਾ ਹੈ।
ਇਹ ਗ੍ਰਹਿ, ਜੋ ਸਾਡੀ ਗਲੈਕਸੀ ਆਕਾਸਗੰਗਾ ਦੇ ਉੱਤਰ ਵਾਲੇ ਪਾਸੇ ਸਥਿਤ ਹੈ, ਧਰਤੀ ਤੋਂ ਸਿਰਫ 31 ਪ੍ਰਕਾਸ਼ ਸਾਲ ਦੂਰ ਹੈ। ਇੱਕ ਪ੍ਰਕਾਸ਼ ਸਾਲ ਵਿੱਚ ਲਗਭਗ ਸਾਢੇ ਨੌ ਕਰੋੜ ਲੱਖ ਕਿਲੋਮੀਟਰ ਹੁੰਦੇ ਹਨ। ਵਿਗਿਆਨੀਆਂ ਅਨੁਸਾਰ ਚੰਦਰਮਾਂ ਦੀ ਤਰ੍ਹਾਂ ਇਸਦੇ ਵੀ ਇੱਕ ਪਾਸੇ ਰੋਸ਼ਨੀ ਹੈ ਅਤੇ ਦੂਜੇ ਪਾਸੇ ਪੂਰਾ ਹਨੇਰਾ ਹੈ। ਭਾਵ ਉੱਥੇ ਦਿਨ ਰਾਤ ਨਹੀਂ ਬਦਲਦੇ। ਜਿੱਥੇ ਦਿਨ ਹੈ, ਉੱਥੇ ਦਿਨ ਹੀ ਰਹਿੰਦਾ ਹੈ ਅਤੇ ਜਿੱਥੇ ਰਾਤ ਹੈ, ਉੱਥੇ ਰਾਤ ਹੀ ਰਹਿੰਦੀ ਹੈ। ਇਹ ਧਰਤੀ ਦੇ ਆਕਾਰ ਤੋਂ ਲਗਭਗ ਦੁੱਗਣਾ ਹੈ। ਇਹ 15.6 ਦਿਨਾਂ ਵਿੱਚ ਲਾਲ ਬੌਣੇ ਤਾਰੇ ਦੇ ਦੁਆਲੇ ਆਪਣਾ ਚੱਕਰ ਪੂਰਾ ਕਰਦਾ ਹੈ। ਭਾਵ ਇੱਥੇ ੋਸਾਲ ਧਰਤੀ ਦੇ 15 ਦਿਨ 14 ਘੰਟੇ 24 ਮਿੰਟ ਦੇ ਬਰਾਬਰ ਹੁੰਦਾ ਹੈ। ਮਤਲਬ ਜੇ ਤੁਸੀਂ ਧਰਤੀ ’ਤੇ 100 ਸਾਲ ਜਿਉਂਦੇ ਹੋ ਤਾਂ ਉੱਥੇ 2340 ਸਾਲ ਜਿਉਂਦੇ ਰਹੋਗੇ। ਇਹ ਆਪਣੇ ਸੂਰਜ ਦੁਆਲੇ ਇੱਕ ਚੱਕਰ 5.6 ਦਿਨਾਂ ਵਿੱਚ ਪੂਰਾ ਕਰਦਾ ਹੈ।
ਇਹ ਗ੍ਰਹਿ ਵਜਨ ’ਚ ਧਰਤੀ ਨਾਲੋਂ ਸਵਾਂ ਗੁਣਾ ਹੈ ਅਤੇ ਇਹ ਧਰਤੀ ਨਾਲੋਂ ਸਾਇਜ ’ਚ 1.08 ਗੁਣਾ ਵੱਡਾ ਵੀ ਹੈ। ਇੱਥੇ ਸਤ੍ਹਾ ਦਾ ਤਾਪਮਾਨ ਮਾਈਨਸ 95 ਡਿਗਰੀ ਸੈਲਸੀਅਸ ਅਤੇ 12 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਇਸ ਦਾ ਔਸਤ ਮਾਇਨਸ 40.14 ਡਿਗਰੀ ਸੈਲਸੀਅਸ ਹੈ। ਮੈਨੀਟੋਬਾ ਦੇ ਔਸਤ ਤਾਪਮਾਨ ਦੇ ਨੇੜੇ-ਤੇੜੇ। ਇਸ ਲਈ ਇੱਥੇ ਮੌਸਮ ਠੰਡਾ ਹੈ।
ਖਗੋਲ ਵਿਗਿਆਨੀਆਂ ਨੇ ਇਸ ਦੀ ਜੋ ਪੜਚੋਲ ਕੀਤੀ ਹੈ, ਉਸ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਇੱਥੇ ਜ਼ਿੰਦਗੀ ਜਿਉਣ ਲਾਇਕ ਹਾਲਾਤ ਹੋ ਸਕਦੇ ਹਨ ਜਾਂ ਭਵਿੱਖ ਵਿੱਚ ਸਿਰਜੇ ਜਾ ਸਕਦੇ ਹਨ। ਹਾਲਾਂਕਿ ਫਿਲਹਾਲ ਇਸ ਦੇ ਮਾਹੌਲ ਨੂੰ ਸਮਝਣ ਅਤੇ ਪੁਣ-ਛਾਣ ਕਰਨ ’ਚ ਕੁਝ ਹੋਰ ਸਮਾਂ ਲੱਗੇਗਾ। ਪਰ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਦੀ ਖੋਜ ਪੁਲਾੜ ਦੇ ਅਗਲੇ ਹਿੱਸਿਆਂ ਦੇ ਰਾਜ ਵੀ ਸਾਡੇ ਨਾਲ ਖੋਲੇਗਾ ਅਤੇ ਨਵੀਂ ਦੁਨੀਆਂ ਦੀ ਖੋਜ ਵਿੱਚ ਵੀ ਸਹਾਈ ਹੋਵੇਗਾ।

-ਸੰਜੀਵ ਝਾਂਜੀ, ਜਗਰਾਉ।
ਸੰਪਰਕ: 0 80049 10000