ਮਜ਼ਦੂਰਾ ਤੇਰੀਆਂ ਧੀਆਂ


ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……

ਪਿੰਡ ਤੇਰੇ ਦੇ ਬੋਹੜ ਸੁੰਨੇ,
ਰੁੱਖਾਂ ਤੇ ਪੀਂਘਾ ਪਾਈਆਂ ਨਾ,
ਚਾਵਾਂ ਨਾਲ ਅੰਬਰਾਂ ਨੂੰ ਚੁੰਮੇ
ਰੀਝ ਪੁਗਾਵਣ ਆਈਆਂ ਨਾ
ਮੀਂਹ ਬਰਸਾਵਣ ਲਈ ਕਾਸਤੋਂ
ਅਰਜ਼ੀਆਂ ਰਬ ਨੂੰ ਪਾਇਆ ਨਾ,
ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……

ਕੱਚੀ ਘਰ ਦੀ ਛੱਤ ਸੀ ਤੇਰੀ,
ਤਾਂਹੀ ਤਾਂ ਪੜ੍ਹ ਪਾਈਆਂ ਨਾ
ਰੀਤਾਂ ਨਾਲ ਤਾਂ ਖਹਿ ਸਕੀਆਂ,
ਕਿਸਮਤ ਵੀ ਕੌਸਣ ਆਈਆਂ ਨਾ…
ਕੇਸੀਂ ਗੁੰਦ ਪਰਾਂਦੇ ਸੋਹਣੇ,
ਮਹਿੰਦੀਆਂ ਕਾਹਤੋਂ ਲਾਈਆਂ ਨਾ….
ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……

ਹੰਝੂ ਖਾਰੇ ਨੈਣੀਂ ਝਲਕਨ
ਲੁਕੋ ਚੰਦਰੀਆਂ ਪਾਇਆ ਨਾ
ਰੀਝਾਂ ਵਾਲੇ ਧਾਗੇ ਦੇ ਵਿਚ
ਪੀੜ ਪਰੋ ਲੈ ਆਈਆ ਵਾ
ਰੂਹ ਤੇ ਲੱਗੇ ਜ਼ਖ਼ਮ ਵੀ ਆਪੇ,
ਨਾਲ ਸਬਰ ਧੋ ਪਾਈਆਂ ਨਾ
ਮਜ਼ਦੂਰਾ ਤੇਰੀਆਂ ਧੀਆਂ ਕਾਹਤੋਂ,
ਤੀਜ ਮਨਾਵਣ ਆਈਆਂ ਨਾ ……

Leave a comment