ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਕਦੇ ਕਦੇ ਤਾਂ ਦਿਲ ਕਰਦਾ ਚਿੜੀਆਂ ਨੂੰ ਗੀਤ ਸੁਣਾ ਆਵਾਂ
ਬੈਠ ਕਦੇ ਕਿਸੇ ਰੁੱਖ ਥੱਲੇ,  ਦਿਲ ਹੌਲਾ ਆਪਣਾ ਕਰ ਆਵਾਂ
ਮੈਂ ਚੋਗਾ ਪਾਵਾਂ ਚੁਗ ਜਾਵਣ ਮੈਂ ਕੋਲ ਬੁਲਾਵਾਂ ਭੱਜ ਆਵਣ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਮੈਨੂੰ ਰੁੱਖਾਂ ਤੋਂ ਪਿਆਰ ਮਿਲੇ, ਮੋਹ ਬੱਚਿਆਂ ਨੂੰ ਮੈਂ ਵੰਡ ਆਵਾਂ
ਫੁੱਲਾਂ ਨੂੰ ਵੇਖ ਮੈਂ ਖੁਸ਼ ਹੋਵਾ, ਢਿੱਡ ਫਲਾਂ ਨਾਲ ਮੈਂ ਭਰ ਆਵਾਂ
ਹੁਸਨਾ ਦੀ ਸਿਖਰ ‘ਤੇ ਤਿਤਲੀ ਤੇ ਮਹਿਕਾਂ ਲਈ ਫੁੱਲ ਦਾ ਨਾਂ ਪਾਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਜਾ ਮਿਟੜੀ ਦੀ ਹਿੱਕ ਤੇ ਕਿੱਧਰੇ ਊੜਾ ਕਦੇ ਆੜਾ ਵਾਹ ਆਵਾਂ
ਪੱਟ ਦਾ ਸਿਰਹਾਣਾ ਲਾ ਸੋਵਾਂ ਸੁਪਨੇ ਵਿੱਚ ਪੈਂਤੀ ਪੜ੍ਹ ਆਵਾਂ
ਮੈਂ ਮਾਂ ਕਹਾਂ ਉਹ ਪੁੱਤ ਆਖੇ ਇਨਾਂ ਮਿੱਟੀ ਦੇ ਵਿੱਚ ਘੁੱਲ ਜਾਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਖੁਹਾਂ ਤੋਂ ਭਰ ਗਾਗਰ ਮੈਂ ਟੋਬੇ ਤੇ ਤਾਰੀਆਂ ਲਾਵਾਂ
ਮਿੱਠੜੇ ਜਿਹੇ ਬੋਲ ਜ਼ੁਬਾਨੋਂ ਨਦੀਆਂ ਸੰਗ ਗਾਉਂਦਾ ਜਾਵਾਂ
ਸੋਹਣੇ ਸੁੰਦਰ ਨੇ ਦਰਿਆ ਨਾਂ ਪੰਜਾਂ ਦਾ ਮੈਂ ਲਿਖ ਆਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ ,ਕੁਦਰਤ ਨਾਲ ਗੱਲਾਂ ਕਰ ਆਵਾਂ

ਨਿਗੜੀ ਜਿਵੇਂ ਮਾਂ ਦੀ ਬੁੱਕਲ ਧਰਤੀ ਨਾਲ ਲਾੜ ਲੜਾਵਾਂ
ਪੰਛੀਂ ਜਿਵੇਂ ਚਿਹਕਣ ਅੰਬਰੀ ਪੌਣਾਂ ਸੰਗ ਉੱਡਦਾ ਜਾਵਾਂ
ਜਾਵਾਂ ਫਿਰ ਕਣਕਾਂ ਵੱਲ ਮੈਂ ਢਿੱਡ ਦਾਣੇ ਚੁਗ ਭਰ ਆਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਟਿੱਪੀ ਨੂੰ ਕੋਕੇ ਵਾਂਗ ਤੇ,  ਬਿੰਦੀ ਚੁੰਮ ਮੱਥੇ ਲਾਵਾਂ
ਬਣਕੇ ਫਿਰ ਪੁੰਗਰਾਂ ਪੌਦਾ, ਕਲੀਆਂ ਤੋਂ ਫੁੱਲ ਬਣ ਜਾਵਾਂ
ਅਲ੍ਹੜ ਜਿਵੇਂ ਸੁਰਖੀ ਲਾਵੇ , ਸੂਹੇ ਜਿਹੇ ਰੰਗ ਭਰ ਆਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ ,ਕੁਦਰਤ ਨਾਲ ਗੱਲਾਂ ਕਰ ਆਵਾਂ

ਕਦੇ ਮਾਨਾਂ ਜੇਠ ਤੇ ਹਾੜ ਤੇਰਾ ਕਦੇ ਪੋਹ ਦੇ ਪਾਲੇ ਠਰ੍ਹ ਜਾਵਾਂ
ਜਿਥੇ ਚਿੱਟੇ ਦਾੜੇ ਬਾਬਿਆਂ ਦੇ ਜਾ ਸੱਥਾਂ ਦੇ ਵਿਚ ਖੜ੍ਹ ਜਾਵਾਂ
ਮੈਂ ਬਹੁਤੀਆਂ ਅਕਲਾਂ ਵਾਲਾ ਨਹੀਂ ਵੇਖ ਤਿਤਲੀ ਝੱਲਾ ਬਣ ਜਾਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ ,ਕੁਦਰਤ ਨਾਲ ਗੱਲਾਂ ਕਰ ਆਵਾਂ

___ਅਭਯਜੀਤ ਝਾਂਜੀ

8284960303

ਨੋਟ :- ਇਹ ਕਵਿਤਾ ਮੇਰੇ ਵੱਲੋਂ ਪੰਜਾਬ ਯੁਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਦੌਰਾਨ (ਸ੍ਰਿਜਨਾਤਮਕ ਕਵਿਤਾ ਲਿਖਣ ਮੁਕਾਬਲੇ) ਲਿਖੀ ਗਈ ਅਤੇ ਪਹਿਲਾ ਸਥਾਨ ਹਾਸਿਲ ਕੀਤਾ।

Leave a comment