ਕਿਹੋ ਜਿਹੇ ਪੰਜਾਬ ਦਾ ਆਗਾਜ਼ ਹੋਈ ਜਾਂਦਾ ਏ

ਹੱਕਾਂ ਆਪਣਿਆਂ ਲਈ ਸਾਨੂੰ ਲਾਉਣੇ ਪੈਂਦੇ ਧਰਨੇ
ਗੂੰਗੇ , ਅੰਨ੍ਹੇ , ਬੋਲਿਆਂ ਦਾ ਰਾਜ ਹੋਈ ਜਾਂਦਾ ਏ

ਕਾਹਦਾ ਸਾਡਾ ਮਾਨ , ਅਸੀਂ ਨਿੱਤ ਡਾਂਗਾਂ ਖਾਣੇ ਆ
ਤਸ਼ੱਦਦ ਏ ਸ਼ਿਕਾਰ ਆ ਸਮਾਜ ਹੋਈ ਜਾਂਦਾ ਏ

ਇੱਕ – ਇੱਕ ਕਰ ਸਭੇ ਵਾਅਦਿਆਂ ਤੋਂ ਮੁੱਕਰੇ
ਹਾਕਮਾਂ ਦਾ ਤਲਖ਼ ਏ ਮਿਜਾਜ਼ ਹੋਈ ਜਾਂਦਾ ਏ

ਆਸਾਂ ਵਾਲੇ ਦੀਪ ਦੀ ਵੀ ਤੇਲ ਬੱਤੀ ਥੋੜ੍ਹੀ ਜਾਵੇ
ਸ਼ਮਾਂ ਵਾਂਗ ਭਖਦਾ ਖਿਆਲ ਹੋਈ ਜਾਂਦਾ ਏ

ਸਰਟੀਫਿਕੇਟਾਂ ਦਾ ਵੀ ਕੌੜੀ ਮੁੱਲ ਪਾਵੇ ਨਾ
ਲੋਕਤੰਤਰ ਦਾ ਭੈੜਾ ਜਿਹਾ ਮਿਜਾਜ਼ ਹੋਈ ਹੋਈ ਜਾਂਦਾ ਏ

ਪਾਣੀ ਦੀ ਬੋਛਾਰ ਕਦੇ ਡਾਂਗਾਂ ਨਾਲ ਮਾਰਦਾ ਏ
ਹਕੂਮਤਾਂਦਾ ਆਪਣਾ ਹੀ ਰਾਜ ਹੋਈ ਜਾਂਦਾ ਏ

ਕੱਚੇ ਅਧਿਆਪਕਾਂ ਨੂੰ ਪੱਕੇ ਨਹੀਂਓ ਕਰਦੇ
ਸਿੱਖਿਆ ਦਾ ਰੋਗ ਲਾ-ਇਲਾਜ ਹੋਈ ਜਾਂਦਾ ਏ

ਕਿੱਲਤ ਜੇ ਸੀਟਾਂ ਦੀ ਕਸੂਰ ਕੱਢਾਂ ਕਿਸ ਦਾ
ਕਿਸ ਗਲੋਂ ਸਾਨੂੰ ਦੇਸ਼ ਉਤੇ ਮਾਨ ਹੋਈ ਜਾਂਦਾ ਏ

ਕਿਸ ਸਰਕਾਰ ਦਾ ਕਸੀਦਾ ਦਸਾਂ ਕਿਸ ਨੂੰ
ਚਟੇ ਬਟੇ ਇੱਕੋ ਥਾਲ ਉਹ ਹਿਸਾਬ ਹੋਈ ਜਾਂਦਾ ਏ

ਲੈ ਲੈ ਡਿਗਰੀਆਂ ਸੜਕਾਂ ਤੇ ਯੂਥ ਵੇਖੋ ਰੁਲਦੀ
ਰਿਸ਼ਵਤਖੋਰਾਂ ਸਿਰ ਤਾਜ ਹੋਈ ਜਾਂਦਾ ਏ

ਨਾ ਘਰ ਘਰ ਨੌਕਰੀ ਨਾ ਹੀ ਚੰਗੇ ਦਿਨ ਆਏ
ਬੁੱਚੜਾ ਦਾ ਫਿਰ ਕਾਹਤੋਂ ਮਾਨ ਹੋਈ ਜਾਂਦਾ ਏ

ਕੁਰਸੀ ਨੂੰ ਮਲ ਬੈਠੇ ਅਕਲਾਂ ਦੀ ਘਾਟ ਵਾਲੇ
ਅਗਿਆਨਤਾ ਨਾਲ ਸਾਡਾ ਗੂੜਾ ਸਾਕ ਹੋਈ ਜਾਂਦਾ ਏ

ਨਾ ਲੁਫਤ ਮਨਾਵੋ ਚਾਰ ਦਿਨ ਵਾਲੀ ਚਾਂਦਨੀ ਦਾ
ਮੇਲਿਆਂ ਤੋਂ ਸਿੱਧਾ ਸ਼ਮਸ਼ਾਨ ਹੋਈ ਜਾਂਦਾ ਏ

ਕਾਤਿਬ ਹਾਂ ਹਾਲ ਸਭੇ ਨੇੜੇ ਹੋ ਕੇ ਤੱਕਦਾਂ ਮੈਂ
ਖੌਰੇ ਕਿਹੋ ਜਿਹੇ ਪੰਜਾਬ ਦਾ ਆਗਾਜ਼ ਹੋਈ ਜਾਂਦਾ ਏ

ਅਭਯਜੀਤ ਝਾਂਜੀ

8284960303

ਜ਼ਿੰਦਗੀ ਜ਼ਿੰਦਾਬਾਦ ! ਚੜ੍ਹਦੀ ਕਲਾ !! ਸਰਬੱਤ ਦਾ ਭਲਾ !!!

ਇੱਕ ਵਾਰ ਦੀ ਗੱਲ ਹੈ, ਹਾਈ ਕੋਰਟ ਚ ਬੜਾ ਹੀ ਅਜੀਬ ਕੇਸ ਪੇਸ਼ ਕੀਤਾ ਜਾਂਦਾ ਹੈ,  ਪੀਡ਼ਤ ਵਿਰੋਧੀ ਧੜ ਤੇ ਇਲਜ਼ਾਮ ਲਾਉਂਦਾ ਜੱਜ ਨੂੰ ਦੱਸਦਾ ਹੈ ਕਿ ਜੱਜ ਸਾਹਿਬ ! ਇਹ ਇਨਸਾਨ ਜੋ ਤੁਹਾਡੇ ਸਾਹਮਣੇ ਖੜ੍ਹਾ ਹੈ ,ਇਹ ਨਿਹਾਇਤ ਹੀ ਘਟੀਆ ਇਨਸਾਨ ਹੈ।  ਜੋ ਵੀ ਇਸ ਇਨਸਾਨ ਦੀ ਸ਼ਕਲ ਦੇਖ ਲੈਂਦਾ ਹੈ, ਉਸ ਦਾ ਬਣਦਾ ਕੰਮ ਵੀ ਵਿਗੜ ਜਾਂਦਾ ਹੈ ਤੇ ਕੁਝ ਨਾ ਕੁਝ  ਗ਼ਲਤ ਜਰੂਰ ਹੁੰਦਾ ਹੈ । ਵਿਰੋਧੀ ਧੜ ਚ ਖਡ਼੍ਹਾ ਇਨਸਾਨ ਕੁਝ ਬੋਲੇ ਇਸ ਤੋਂ ਪਹਿਲਾਂ ਹੀ ਜੱਜ  ਕਹਿਣ ਲੱਗਾ ਮਹਿਜ਼ ਸ਼ਕਲ ਦੇਖਣ ਨਾਲ ਇਹ ਕਿੰਜ ਸੰਭਵ ਹੈ?  ਸੱਚਾਈ ਜਾਨਣ ਦੀ ਬਹੁਤ ਜ਼ਿਆਦਾ ਇੱਛਾ ਹੋਣ ਕਰਕੇ ਜੱਜ ਨੇ ਉਸ ਵਿਅਕਤੀ ਨੂੰ ਆਪਣੇ ਘਰ ਬੁਲਾਇਆ  ਤੇ ਕਹਿਣ ਲੱਗਾ ਮੈਂ ਇਨ੍ਹਾਂ ਗੱਲਾਂ ਤੇ ਯਕੀਨ ਨਹੀਂ ਕਰਦਾ ਪਰ ਮੈਂ ਸੱਚ ਜਾਣਨਾ ਚਾਹੁੰਦਾ ਹਾਂ ਤਾਂ ਤੂੰ ਅੱਜ ਰਾਤ ਮੇਰੇ ਘਰ ਹੀ ਰੁਕ ਜਾ, ਮੈਂ ਕੱਲ੍ਹ ਤੜਕੇ ਉੱਠ ਕਿ ਤੇਰਾ ਚਿਹਰਾ ਵੇਖਣਾ ਚਾਹੁੰਦਾ ਹਾਂ । ਉਹ ਇਨਸਾਨ ਮੰਨ ਜਾਂਦਾ ਹੈ । ਸੰਯੋਗ ਵੰਸ਼ ਦੂਜੇ ਦਿਨ ਜੱਜ ਦੀ ਟਰਾਂਸਫਰ ਦੇ ਆਰਡਰ ਆ ਗਏ ਤੇ ਉਹ ਆਪਣੀ ਕੋਰਟ ਤੱਕ ਪਹੁੰਚੇ ਏਦੂ ਪਹਿਲਾਂ ਹੀ ਉਸ ਦਾ ਐਕਸੀਡੈਂਟ ਹੋ ਗਿਆ।  ਜਿਵੇਂ ਤਿਵੇਂ ਖਿਝਿਆ ਖਪਿਆ ਗੁੱਸੇ ਚ ਕੋਰਟ ਪਹੁੰਚਿਆ ਤੇ ਉਸ ਵਿਅਕਤੀ ਨੂੰ ਪੇਸ਼ ਹੋਣ ਲਈ ਕਿਹਾ । ਜੱਜ ਨੇ ਪੀੜਤ ਦੇ ਹੱਕ ਚ ਐਲਾਨ ਸੁਣਾਉਂਦਿਆਂ ਉਸ ਵਿਅਕਤੀ ਨੂੰ ਮੌਤ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਤੇ ਆਖਰੀ ਇੱਛਾ ਪੁੱਛੀ।  ਇੱਛਾ ਪੁੱਛਣ ਤੇ ਉਸ ਵਿਅਕਤੀ ਨੇ ਦੱਸਿਆ ਕਿ ਮਾਈ ਲੋੜ ਮੇਰਾ ਮੂੰਹ ਦੇਖਣ ਤੇ ਤੁਹਾਡਾ ਐਕਸੀਡੈਂਟ ਹੋ ਗਿਆ , ਪਰ ਇਸ ਦੇ ਉਲਟ ਤੁਹਾਡਾ ਮੂੰਹ ਦੇਖਣ ਤੇ ਮੈਨੂੰ ਮੌਤ ਦੀ ਸਜ਼ਾ ਐਲਾਨੀ ਗਈ।  ਹੇ ਮਾਈ ਲੋੜ ਹੁਣ ਤੁਸੀਂ ਦੱਸੋ ਕੌਣ ਜ਼ਿਆਦਾ ਮਨਹੂਸ ਹੈ ,ਤੁਸੀਂ ਜਾਂ ਮੈਂ ? ਇੰਨੀ ਗੱਲ ਸੁਣ ਕੇ ਜੱਜ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਤੇ ਉਸ ਨੂੰ  ਬਾਇੱਜ਼ਤ ਬਰੀ ਕਰਨ ਦਾ ਐਲਾਨ ਕੀਤਾ  ਜਾਂਦਾ ਜਾਂਦਾ ਉਹ ਵਿਅਕਤੀ ਇਹ ਕਹਿ ਰਿਹਾ ਸੀ ਕਿ ਯਾਦ ਰੱਖੋ
” ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਇ  , ਜੋ ਮਨ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਇ “

ਅਭਯਜੀਤ ਝਾਂਜੀ

8284960303

ਦਾਦੇ ਕਿਉਂ ਤੁਰ ਜਾਣ ਜਹਾਨੋ ਦਾਦੀਆਂ ਕਾਹਤੋਂ ਮਰਦੀਆਂ ਨੇ

ਜਦੋਂ ਨਾਲ ਖਿਆਲਾਂ ਪੈਂਦੀਆਂ ਬਾਤਾਂ
ਸੀਨੇ ਲਪਟਾਂ ਬਲਦੀਆਂ ਨੇ
ਜੇ ਤਸਵੀਰਾਂ ਕਿਧਰੇ ਵੇਖ ਲਵਾਂ
ਨੈਣੋਂ ਕਣੀਆਂ ਵਰਦੀਆਂ ਨੇ
ਜਦ ਯਾਦਾਂ ਹਾਵੀ ਹੋ ਜਾਵਣ
ਫਿਰ ਅਰਦਾਸਾਂ ਕਾਬੂ ਕਰਦੀਆਂ ਨੇ
ਦਾਦੇ ਕਿਉਂ ਤੁਰ ਜਾਣ ਜਹਾਨੋ
ਦਾਦੀਆਂ ਕਾਹਤੋਂ ਮਰਦੀਆਂ ਨੇ

ਨੀਂਦ ਨਾ ਪੈਂਦੀ ਜਦ ਕਿਧਰੇ
ਬਣ ਸੱਪਣੀ ਰਾਤਾਂ ਡੰਗਦੀਆਂ ਨੇ
ਇਕਲਾਪੇ ਦੀਆਂ ਕਾਲੀਆਂ ਰਾਤਾਂ
ਖੰਘ ਭੈੜੀ ਜਿਹੀ ਖੰਘਦੀਆਂ ਨੇ
ਵਿਛੋੜੇ ਵਾਲੀਆਂ ਚੀਸਾਂ ਤੇ ਜੀਤ
ਗਲਵੱਕੜੀਆਂ ਮੱਲ੍ਹਮ ਬਣਦੀਆਂ ਨੇ 
ਦਾਦੇ ਕਿਉਂ ਤੁਰ ਜਾਣ ਜਹਾਨੋ
ਦਾਦੀਆਂ ਕਾਹਤੋਂ ਮਰਦੀਆਂ ਨੇ

ਜਦ ਪੌਹ ਦੇ ਪਾਲੇ ਠਗਦਾ ਹਾਂ
ਨਿੱਘ ਬੁੱਕਲ ਦਾ ਮੰਗਦੀਆਂ ਨੇ
ਮਿੱਠੀਆਂ ਮਿੱਠੀਆਂ ਪਿਆਰੀਆਂ ਬਾਤਾਂ
ਪਿਆਰ ਦੇ ਰੰਗ ਵਿੱਚ ਰੰਗਦੀਆਂ ਨੇ
ਲੋਕ ਦਿਖਾਵੇ ਵਾਲੀਆਂ ਕੰਧਾਂ
ਹਰ ਵੇਲੇ ਮੈਨੂੰ ਠੱਗਦੀਆਂ ਨੇ
ਦਾਦੇ ਕਿਉਂ ਤੁਰ ਜਾਣ ਜਹਾਨੋ
ਦਾਦੀਆਂ ਕਾਹਤੋਂ ਮਰਦੀਆਂ ਨੇ

ਥੰਮ੍ਹ ਹੁੰਦੇ ਨੇ ਦਾਦੇ ਘਰਦੇ
ਦਾਦੀਆਂ ਨੀਹਾਂ ਬਣਦੀਆਂ ਨੇ
ਫੁੱਲਾਂ ਵਾਂਗ ਨਹੀਂ ਖਿੜਿਆ ਜਾਂਦਾ
ਕੱਚੀਆਂ ਕਲੀਆਂ ਚੜ੍ਹਦੀਆਂ ਨੇ
ਮੂਲੋਂ ਵਿਆਜ ਪਿਆਰੀਆਂ ਗੱਲਾਂ
ਨਾ ਇਨ੍ਹਾਂ ਬਾਝੋਂ ਲੱਭਦੀਆਂ ਨੇ 
ਦਾਦੇ ਕਿਉਂ ਤੁਰ ਜਾਣ ਜਹਾਨੋ
ਦਾਦੀਆਂ ਕਾਹਤੋਂ ਮਰਦੀਆਂ ਨੇ

ਸੁਪਨੇ ਵਿੱਚ ਆ ਪਾ ਜਾਈਂ ਫੇਰੀ
ਨਨੂੰ ਨੇ ਗੱਲਾਂ ਕਰਨੀਆਂ ਨੇ
ਕੂਚ ਜਹਾਨੋਂ ਕਰ ਗਏ ‘ਕਠੇ
ਕੰਨੀ ਗੱਲਾਂ ਵਜਦੀਆਂ ਨੇ
ਤਨ ਆਪਣੇ ਨੂੰ ਨਾਲ ਲੈ ਗਿਓ
ਰੂਹਾਂ ਵਿਹੜੇ ਵਸਦੀਆਂ ਨੇ
ਦਾਦੇ ਕਿਉਂ ਤੁਰ ਜਾਣ ਜਹਾਨੋ
ਦਾਦੀਆਂ ਕਾਹਤੋਂ ਮਰਦੀਆਂ ਨੇ

___ਅਭਯਜੀਤ ਝਾਂਜੀ

8284960303

ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਕਦੇ ਕਦੇ ਤਾਂ ਦਿਲ ਕਰਦਾ ਚਿੜੀਆਂ ਨੂੰ ਗੀਤ ਸੁਣਾ ਆਵਾਂ
ਬੈਠ ਕਦੇ ਕਿਸੇ ਰੁੱਖ ਥੱਲੇ,  ਦਿਲ ਹੌਲਾ ਆਪਣਾ ਕਰ ਆਵਾਂ
ਮੈਂ ਚੋਗਾ ਪਾਵਾਂ ਚੁਗ ਜਾਵਣ ਮੈਂ ਕੋਲ ਬੁਲਾਵਾਂ ਭੱਜ ਆਵਣ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਮੈਨੂੰ ਰੁੱਖਾਂ ਤੋਂ ਪਿਆਰ ਮਿਲੇ, ਮੋਹ ਬੱਚਿਆਂ ਨੂੰ ਮੈਂ ਵੰਡ ਆਵਾਂ
ਫੁੱਲਾਂ ਨੂੰ ਵੇਖ ਮੈਂ ਖੁਸ਼ ਹੋਵਾ, ਢਿੱਡ ਫਲਾਂ ਨਾਲ ਮੈਂ ਭਰ ਆਵਾਂ
ਹੁਸਨਾ ਦੀ ਸਿਖਰ ‘ਤੇ ਤਿਤਲੀ ਤੇ ਮਹਿਕਾਂ ਲਈ ਫੁੱਲ ਦਾ ਨਾਂ ਪਾਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਜਾ ਮਿਟੜੀ ਦੀ ਹਿੱਕ ਤੇ ਕਿੱਧਰੇ ਊੜਾ ਕਦੇ ਆੜਾ ਵਾਹ ਆਵਾਂ
ਪੱਟ ਦਾ ਸਿਰਹਾਣਾ ਲਾ ਸੋਵਾਂ ਸੁਪਨੇ ਵਿੱਚ ਪੈਂਤੀ ਪੜ੍ਹ ਆਵਾਂ
ਮੈਂ ਮਾਂ ਕਹਾਂ ਉਹ ਪੁੱਤ ਆਖੇ ਇਨਾਂ ਮਿੱਟੀ ਦੇ ਵਿੱਚ ਘੁੱਲ ਜਾਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਖੁਹਾਂ ਤੋਂ ਭਰ ਗਾਗਰ ਮੈਂ ਟੋਬੇ ਤੇ ਤਾਰੀਆਂ ਲਾਵਾਂ
ਮਿੱਠੜੇ ਜਿਹੇ ਬੋਲ ਜ਼ੁਬਾਨੋਂ ਨਦੀਆਂ ਸੰਗ ਗਾਉਂਦਾ ਜਾਵਾਂ
ਸੋਹਣੇ ਸੁੰਦਰ ਨੇ ਦਰਿਆ ਨਾਂ ਪੰਜਾਂ ਦਾ ਮੈਂ ਲਿਖ ਆਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ ,ਕੁਦਰਤ ਨਾਲ ਗੱਲਾਂ ਕਰ ਆਵਾਂ

ਨਿਗੜੀ ਜਿਵੇਂ ਮਾਂ ਦੀ ਬੁੱਕਲ ਧਰਤੀ ਨਾਲ ਲਾੜ ਲੜਾਵਾਂ
ਪੰਛੀਂ ਜਿਵੇਂ ਚਿਹਕਣ ਅੰਬਰੀ ਪੌਣਾਂ ਸੰਗ ਉੱਡਦਾ ਜਾਵਾਂ
ਜਾਵਾਂ ਫਿਰ ਕਣਕਾਂ ਵੱਲ ਮੈਂ ਢਿੱਡ ਦਾਣੇ ਚੁਗ ਭਰ ਆਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ, ਕੁਦਰਤ ਨਾਲ ਗੱਲਾਂ ਕਰ ਆਵਾਂ

ਟਿੱਪੀ ਨੂੰ ਕੋਕੇ ਵਾਂਗ ਤੇ,  ਬਿੰਦੀ ਚੁੰਮ ਮੱਥੇ ਲਾਵਾਂ
ਬਣਕੇ ਫਿਰ ਪੁੰਗਰਾਂ ਪੌਦਾ, ਕਲੀਆਂ ਤੋਂ ਫੁੱਲ ਬਣ ਜਾਵਾਂ
ਅਲ੍ਹੜ ਜਿਵੇਂ ਸੁਰਖੀ ਲਾਵੇ , ਸੂਹੇ ਜਿਹੇ ਰੰਗ ਭਰ ਆਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ ,ਕੁਦਰਤ ਨਾਲ ਗੱਲਾਂ ਕਰ ਆਵਾਂ

ਕਦੇ ਮਾਨਾਂ ਜੇਠ ਤੇ ਹਾੜ ਤੇਰਾ ਕਦੇ ਪੋਹ ਦੇ ਪਾਲੇ ਠਰ੍ਹ ਜਾਵਾਂ
ਜਿਥੇ ਚਿੱਟੇ ਦਾੜੇ ਬਾਬਿਆਂ ਦੇ ਜਾ ਸੱਥਾਂ ਦੇ ਵਿਚ ਖੜ੍ਹ ਜਾਵਾਂ
ਮੈਂ ਬਹੁਤੀਆਂ ਅਕਲਾਂ ਵਾਲਾ ਨਹੀਂ ਵੇਖ ਤਿਤਲੀ ਝੱਲਾ ਬਣ ਜਾਵਾਂ
ਮੇਰੇ ਲਫਜ਼ਾਂ ਨੂੰ ਸੰਗੀਤ ਮਿਲੇ ,ਕੁਦਰਤ ਨਾਲ ਗੱਲਾਂ ਕਰ ਆਵਾਂ

___ਅਭਯਜੀਤ ਝਾਂਜੀ

8284960303

ਨੋਟ :- ਇਹ ਕਵਿਤਾ ਮੇਰੇ ਵੱਲੋਂ ਪੰਜਾਬ ਯੁਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਦੌਰਾਨ (ਸ੍ਰਿਜਨਾਤਮਕ ਕਵਿਤਾ ਲਿਖਣ ਮੁਕਾਬਲੇ) ਲਿਖੀ ਗਈ ਅਤੇ ਪਹਿਲਾ ਸਥਾਨ ਹਾਸਿਲ ਕੀਤਾ।

ਹੋ ਸਕਦੈ ਲਿਖਣੇ ਤੋਂ ਬਾਅਦ , ਅਭਯਜੀਤ ਗਾਉਣਾ ਹੀ ਚਾਹਉਂਦਾ ਹੋਵੇ

ਜ਼ਰੂਰੀ ਨਹੀਂ ਕਿ ਰੋਣੇ ਵਾਲਾ ,
ਸਾਥ ਕਿਸੇ ਦਾ ਚਾਹੁੰਦਾ ਹੋਵੇ ।
ਹੋ ਸਕਦੈ ਕੀ ਅੱਖੀਆਂ ਭਰ ,
ਉਹ ਖਾਲੀਪਨ ਛੁਪਾਉਂਦਾ ਹੋਵੇ ।

ਨਾ, ਘੁੰਮਦਾ ਵੇਖ ਅੰਦਾਜ਼ੇ ਲਾਵੋ ,
ਖੌਰੇ ਕਿੰਨੇ ਠੇੜੇ ਖਾਂਦਾ ਹੋਵੇ ।
ਹੋ ਸਕਦੈ ਉਹ ਅਰਮਾਨਾਂ ਵਾਲੀ ,
ਪਿਆਸ ਜਿਹੀ ਬੁਝਾਉਂਦਾ ਹੋਵੇ ।

ਜ਼ਰੂਰੀ ਨਹੀਂ ਜੇ  ‘ਕੱਲਾ ਬਹਿੰਦਾ ,
ਦਿਲ ਦੇ ਪੱਖੋ ਕੋਰਾ ਹੋਵੇ ।
ਹੋ ਸਕਦੈ ਕੋਈ ਗਲ ਕਰਨੀ ,
ਉਹ ਖੁਦ ਨਾਲ ਵੀ ਚਾਹਉਂਦਾ ਹੋਵੇ ।

ਹਰ ਪਲ ਹੱਸਣੇ ਵਾਲਾ ਵੀ ,
ਦੁੱਖਾਂ ਨਾਲ ਘਿਰਿਆ ਹੋ ਸਕਦਾ ।
ਹੋ ਸਕਦੈ ਬੁਲੀਆਂ ਤੇ ਹਾਸਾ ,
ਬਨਾਵਟੀ ਜਿਹਾ ਲਿਆਉਂਦਾ ਹੋਵੇ ।

ਵਾਜ਼ਬ ਨਹੀਂ ਪਿੱਛੇ ਲਗ ਜਾਣਾ ,
ਖੌਰੇ ਚਮਕ ਰਿਹੈ ਜੋ ਪਿੱਤਲ ਹੋਵੇ ।
ਹੋ ਸਕਦੈ ਮੁੱਠੀ ਚੋਂ ਸੁੱਟਕੇ ,
ਉਹ ਸੋਨਾ ਪਿਆ ਗੁਆਉਂਦਾ ਹੋਵੇ ।

ਆਹ ਖਿਲਰੇ ਖਿਲਰੇ ਵਾਲਾਂ ਦੇ ਨਾਲ ,
ਸ਼ਾਇਦ ਚਾਅ ਕੋਈ ਜੁੜਿਆ ਹੋਵੇ ।
ਹੋ ਸਕਦੈ ਕਿ ਖੁਦਾ ਵੀ ਇੰਙ ਹੀ ,
ਆਪਣੇ ਕੇਸ ਸਜਾਉਂਦਾ ਹੋਵੇ ।

ਐਵੇਂ ਜ਼ਰਾ ਕੁ ਨੰਬਰਾਂ ਪਿੱਛੇ ,
ਵਿਦਿਆਰਥੀਆਂਨੂੰ ਕੁੱਟ ਸੁੱਟਿਆ ਏ ।
ਹੋ ਸਕਦੈ ਕਿ ਉਹ ਸਮਝਣ ਲਈ ,
ਕੋਈ ਹੋਰ ਤਰੀਕਾ ਚਾਹਉਂਦਾ ਹੋਵੇ ।

ਜ਼ਰੂਰੀ ਨਹੀਂ ਉਹ ਹੋਵੇ ਸੰਘਦਾ ,
ਜਾਂ ਨਜ਼ਰਾਂ ਤੋਂ ਘਬਰਾਉਂਦਾ ਹੋਵੇ ।
ਹੋ ਸਕਦੈ ਕਿ ਚੰਨ ਵੀ ਖਬਰੇ ,
ਚੰਨ ਚਾੜ ਪਛਤਾਉਂਦਾ ਹੋਵੇ ।

ਮੂਰਖ ਬੰਦਾ ਜੇ ਗਲ ਪੈਂਦਾ ,
ਤੂਸੀਂ ਗਲਤੀ ਮਣਕੇ ਦਫਾ ਕਰੋ ।
ਹੋ ਸਕਦੈ ਕਿ ਸ਼ਾਤੀਰ ਕੋਈ ,
ਮੰਜ਼ਿਲ ਤੋਂ ਭਟਕਾਉਂਦਾ ਹੋਵੇ ।

ਤੂੰ ਕਿਉਂ ਅੜੀਏ ਬੰਦੀਸ਼ਾਂ ਸਮਝੇ ,
ਜੇ ਕੋਈ ਤੈਨੂੰ ਰੋਕ ਰਿਹਾ ਏ ।
ਹੋ ਸਕਦੈ ਕੋਈ ਚੰਦਰੇ ਜਗ ਦੀ ,
ਨੀਅਤ ਤੋਂ ਘਬਰਾਉਂਦਾ ਹੋਵੇ ।

ਜ਼ਰੂਰੀ ਨਹੀਂ ਕਿ ਸਮਝ ਨਾ ਹੋਵੇ ,
ਉਸ ਨੂੰ ਸੂਰਾਂ ਜਾਂ ਤਾਲਾਂ ਦੀ ।
ਹੋ ਸਕਦੈ ਆਪਣੇ ਸ਼ੇਅਰਾਂ ਵਿੱਚ ,
ਕੋਈ ਚੰਗੀ ਗਲ ਸੁਣਾਉਂਦਾ ਹੋਵੇ ।

ਜ਼ਰੂਰੀ ਨਹੀਂ ਕਿ ਲੱਚਰ ਹੋਵੇ ,
ਜਿਸਨੂੰ ਸੁਣ ਕੇ ਗੁੱਸਾ ਆਵੇ ।
ਹੋ ਸਕਦੈ ਉਹ ਕੌੜੇ ਸੱਚ ਨੂੰ ,
ਗੀਤਾਂ ਦੇ ਵਿੱਚ ਗਾਉਂਦਾ ਹੋਵੇ ।

ਮੈਲੇ ਕੁਚੈਲੇ ਕਪੜਿਆਂ ਕਰਕੇ ,
ਜਿਸ ਬਾਬੇ ਨੂੰ ਨਿੰਦ ਆਏ ਹੋ ।
ਹੋ ਸਕਦੈ ਉਹ ਠੰਢ ਦੇ ਮਾਰਾ ,
ਬਾਅਦ ਮਹੀਨੇ ਨਹਾਉਂਦਾ ਹੋਵੇ ।

ਦੋ ਚਾਰ ਵਾਰ ਤਾਂ ਮੰਨ ਸਕਦੇ ਆਂ ,
ਇਤੇਫ਼ਾਕ ਹੋਵੇ ਜਾਂ ਹੋਵੇ ਮਜਬੂਰੀ ।
ਹੋ ਸਕਦੈ ਅਗਲਾ ਟਾਲ ਤੁਹਾਨੂੰ ,
ਐਵੇਂ ਪਿਆ ਭਰਮਾਉਂਦਾ ਹੋਵੇ ।

ਬਿੰਨ ਗਲੋਂ ਗੁੱਸੇ ਗਿਲੇ ਵੱਧਾ ਲਏ ,
ਸੱਜਣਾ ਨਾਲ ਤੁਸੀਂ ਭਲਿਓ ਲੋਕੋ ।
ਹੋ ਸਕਦੈ ਤੁਸੀਂ ਹੀ ਉਹਲੇ ਹੋਗੇ ,
ਉਹ ਤਾਂ ਪਿਆ ਬੁਲਾਉਂਦਾ ਹੋਵੇ ।

ਵੇਖਕੇ ਐਵੇਂ ਦੋ ਚਾਰ ਹੰਝੂ ,
ਦਿਲ ਨੂੰ ਕੋਮਲ ਕਰ ਲਈ ਨਾ ।
ਹੋ ਸਕਦੈ ਕੋਈ ਮਗਰਮੱਛ ਦੇ ,
ਹੰਝੂ ਜਿਹੇ ਵਹਾਉਂਦਾ ਹੋਵੇ ।

ਬਿੰਨ ਦੱਸੇ ਸਭ ਕੁਝ ਸਮਝ ਲੈਂਦਾ ਏ ,
ਜੋ ਰੂਹ-ਏ-ਦਿਲ ਦਾ ਜਾਣੀ ਹੋਵੇ ।
ਹੋ ਸਕਦੈ ਅਨਸੁਣੀਆਂ ਕਰ ਉਹ ,
ਪ੍ਰੀਤਮ ਨੂੰ ਪਿਆ ਸਤਾਉਂਦਾ ਹੋਵੇ ।

ਖਬਰੇ ਜਿੱਦ ਕਿਉਂ ਕਰਦੇ ਨੇ ,
ਝਾਂਜੀ ਦੀਆਂ ਲਿਖਤਾਂ ਪੜ੍ਹਨੇ ਦੀ ।
ਹੋ ਸਕਦੈ ਲਿਖਣੇ ਤੋਂ ਬਾਅਦ ,
ਅਭਯਜੀਤ ਗਾਉਣਾ ਹੀ ਚਾਹਉਂਦਾ ਹੋਵੇ ।

___ਅਭਯਜੀਤ ਝਾਂਜੀ 

8284960303